ਵਿੱਚੋਂ ਡਾਹਢਾ ਡੋਲਿਆ ਹੋਇਆ, ਉੱਤੋਂ ਏ ਮਸਰੂਰ ।
ਅੱਜ ਦਾ ਬੰਦਾ, ਕੱਲ੍ਹ ਦੇ ਬੰਦੇ ਨਾਲੋਂ ਵੱਧ ਮਜਬੂਰ ।
ਇਸ ਦੁਨੀਆਂ ਦੀ ਰੱਜੀ-ਪੁੱਜੀ ਹਾਲਤ, ਵਾਂਗ ਉਸ ਬੂਟੇ-
ਫੁੱਲ ਤੇ ਫਲ ਲੱਗਣ ਤੋਂ ਪਹਿਲਾਂ ਝੜ ਗਿਆ ਜਿਸ ਦਾ ਬੂਰ ।
ਓਸ ਦਿਨ ਤੋਂ ਨਾਲ 'ਪਿਆਕਾਂ' ਟੁਰਕੇ ਵੀ ਨਹੀਂ ਡਿੱਠਾ,
ਜਦ ਦੇ ਉਸਦੇ ਨੈਣ-ਸ਼ਰਾਬੀ ਕਰ ਗਏ ਨੇ ਮਖ਼ਮੂਰ ।
ਸਾਦ-ਮੁਰਾਦੀ ਹਾਲਤ ਵਿੱਚ ਵੀ ਜਦ ਉਸ ਝਲਕ ਵਿਖਾਈ,
ਮੇਰਿਆਂ ਦੋ-ਨੈਣਾਂ ਨੂੰ ਲੱਗਿਆ ਜਲਵਾ 'ਕੋਹਿਤੂਰ' ।
ਚਾਹਵਾਨਾਂ ਦੀ ਪਰ੍ਹਿਆ ਦੇ ਵਿੱਚ ਫੇਰੀਆਂ ਸਾਥੋਂ ਅੱਖੀਆਂ,
ਅਣਮੁੱਲੀ ਚਾਹਤ ਦਾ ਮੁੱਲ ਇਹ ਪਾਇਆ ਉਸ ਮਗ਼ਰੂਰ ।
ਇਹ ਤਾਂ ਅਪਣੀ ਨਾ-ਸਮਝੀ ਸੀ, ਦੋਸ਼ ਨਹੀਂ ਸੀ ਉਹਦਾ,
ਦਿਲ ਦੇ ਨੇੜੇ ਸਮਝਿਆ ਉਹਨੂੰ, ਸੀ ਅੱਖਾਂ ਤੋਂ ਦੂਰ ।
ਏਹੋ ਦਿਲ ਸਾਗਰ ਤੋਂ ਡੂੰਘਾ, ਏਹੋ ਨਾਜ਼ੁਕ ਸ਼ੀਸ਼ਾ,
ਜ਼ੋਰਾਵਰਾਂ ਦੀ ਜ਼ੋਰਾਵਰੀ ਨੇ ਕੀਤਾ ਚਕਨਾਚੂਰ ।
ਇੱਕ ਜ਼ਾਲਮ ਦੇ ਪਿਆਰ-ਵਫ਼ਾ ਦੀ ਲੱਜ ਪਾਲਣ ਦੀ ਖ਼ਾਤਰ,
ਦੁਨੀਆਂ ਭਰ ਦੇ ਤਾਅਨੇ-ਮਿਹਣੇ 'ਅਖ਼ਤਰ' ਨੂੰ ਮੰਨਜ਼ੂਰ ।
Akhtar Hussain Akhtar
www.maalaksidhu.blogspot.in
Comments
Post a Comment